Young Flame Young Flame Author
Title: ਅਕਾਲੀਆਂ 'ਤੇ ਛੱਮਕ ਛੱਲੋ ਦੇ ਛਾਂਟੇ
Author: Young Flame
Rating 5 of 5 Des:
ਚਰਨਜੀਤ ਭੁੱਲਰ ਬਠਿੰਡਾ ਪੱਟੀ ਵਿੱਚ 'ਛੱਮਕ ਛੱਲੋ'ਅਕਾਲੀ ਉਮੀਦਵਾਰਾਂ ਦੇ ਪਿੱਛੇ...

ਚਰਨਜੀਤ ਭੁੱਲਰ
ਬਠਿੰਡਾ ਪੱਟੀ ਵਿੱਚ 'ਛੱਮਕ ਛੱਲੋ'ਅਕਾਲੀ ਉਮੀਦਵਾਰਾਂ ਦੇ ਪਿੱਛੇ ਪੈ ਗਈ ਹੈ। ਇਨ੍ਹਾਂ ਉਮੀਦਵਾਰਾਂ ਕੋਲ ਛਮਕ ਛੱਲੋ ਦਾ ਕੋਈ ਜੁਆਬ ਨਹੀਂ ਹੈ। ਦੱਸਣਯੋਗ ਹੈ ਕਿ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਵਿੱਚ ਹੋਏ ਉਦਘਾਟਨ ਮੌਕੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਸੱਦਿਆ ਗਿਆ ਸੀ ਜਿਸ ਵੱਲੋਂ 19 ਮਿੰਟ ਦੀ ਪੇਸ਼ਕਾਰੀ ਦੇ ਤਿੰਨ ਕਰੋੜ ਰੁਪਏ ਵਸੂਲੇ ਗਏ ਸਨ। ਉਨ੍ਹਾਂ ਨੇ ਸਟੇਜ ਤੋਂ ਰਾਵਣ ਫਿਲਮ ਦਾ ਗਾਣਾ ਛੱਮਕ ਛੱਲੋ ਗਾਇਆ ਸੀ। ਚਰਚਾ ਤਾਂ ਉਦੋਂ ਹੀ ਛਿੜ ਗਈ ਸੀ ਪ੍ਰੰਤੂ ਹੁਣ ਬਠਿੰਡਾ ਇਲਾਕੇ ਦੇ ਅਸੈਂਬਲੀ ਹਲਕਿਆਂ ਵਿੱਚ ਕਿਸੇ ਨਾ ਕਿਸੇ ਬਹਾਨੇ ਕਾਂਗਰਸੀ ਨੇਤਾ ਛਮਕ ਛੱਲੋ ਦੀ ਚਰਚਾ ਕਰ ਰਹੇ ਹਨ। ਚੋਣ ਪ੍ਰਚਾਰ ਵਿੱਚ ਕਾਂਗਰਸੀ ਆਪਣੇ ਵਿਰੋਧੀਆਂ ਨੂੰ ਰਗੜਾ ਲਾਉਣ ਲਈ ਸਟੇਜ ਤੋਂ ਛੱਮਕ ਛੱਲੋ ਦੀ ਗੱਲ ਕਰਨਾ ਨਹੀਂ ਭੁੱਲਦੇ।
ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਆਪਣੇ ਜਲਸਿਆਂ ਵਿੱਚ ਜਿਥੇ ਬਠਿੰਡਾ ਸ਼ਹਿਰ ਦੀ ਸਰਕਾਰੀ ਸੰਪਤੀ ਦੀ ਵਿਕਰੀ ਦੀ ਗੱਲ ਕਰਦੇ ਹਨ, ਉਥੇ ਪਿਛਲੇ ਸਮੇਂ ਵਿੱਚ ਡੇਂਗੂ ਦੇ ਕਹਿਰ ਨਾਲ ਸ਼ਹਿਰ ਦੇ ਲੋਕਾਂ ਵੱਲੋਂ ਭੋਗੇ ਸੰਤਾਪ ਦਾ ਜ਼ਿਕਰ ਵੀ ਕਰਦੇ ਹਨ। ਉਹ ਆਖਦੇ ਹਨ ਕਿ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਅਕਾਲੀ ਸਰਕਾਰ ਛੱਮਕ ਛੱਲੋ ਵਿੱਚ ਉਲਝੀ ਰਹੀ। ਉਹ ਆਖਦੇ ਹਨ ਕਿ ਕਬੱਡੀ ਮਾਂ ਖੇਡ ਹੈ ਪ੍ਰੰਤੂ ਛੱਮਕ ਛੱਲੋ ਵਾਲੇ ਸ਼ਾਹਰੁਖ ਖਾਨ ਨੂੰ ਕਰੋੜਾਂ ਰੁਪਏ ਲੁਟਾ ਕੇ ਕਿਸ ਤਰ੍ਹਾਂ ਖੇਡ ਦੀ ਤਰੱਕੀ ਹੋਈ। ਉਹ ਆਖਦੇ ਹਨ ਕਿ ਬਠਿੰਡਾ ਇਲਾਕੇ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਤਾਂ ਸਰਕਾਰ ਕੋਲ ਰਾਸ਼ੀ ਨਹੀਂ ਪਰ ਸ਼ਾਹਰੁਖ ਨੂੰ ਖੁੱਲ੍ਹੇ ਗੱਫੇ ਦੇ ਦਿੱਤੇ।ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਛੱਮਕ ਛੱਲੋ ਵਾਲੇ ਮਾਮਲੇ 'ਤੇ ਤਾਂ ਕੁਝ ਜੁਆਬ ਨਹੀਂ ਦਿੰਦੇ ਪ੍ਰੰਤੂ ਉਹ ਸ਼ਹਿਰ ਵਿੱਚ ਬਣਾਏ ਸਟੇਡੀਅਮ ਦਾ ਜ਼ਿਕਰ ਕਰਦੇ ਹਨ। ਉਹ ਇਨ੍ਹਾਂ ਗੱਲਾਂ ਦੇ ਜੁਆਬ ਵਿੱਚ ਆਖਦੇ ਹਨ ਕਿ ਕਾਂਗਰਸੀ ਉਮੀਦਵਾਰ ਜੱਸੀ ਤਾਂ ਪੰਜ ਸਾਲ ਇੱਥੋਂ ਗਾਇਬ ਹੀ ਰਿਹਾ ਹੈ ਜਦੋਂ ਕਿ ਉਹ ਹਾਰਨ ਦੇ ਬਾਵਜੂਦ ਲੋਕਾਂ ਵਿੱਚ ਵਿਚਰਦੇ ਰਹੇ ਅਤੇ ਸ਼ਹਿਰ ਦਾ ਵਿਕਾਸ ਕਰਾਇਆ। ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਵੀ ਸ਼ਾਹਰੁਖ ਖਾਨ ਦੀ ਗੱਲ ਪੇਂਡੂ ਲੋਕਾਂ ਨੂੰ ਸੁਣਾ ਰਹੇ ਹਨ ਅਤੇ ਆਖਦੇ ਹਨ ਕਿ 19 ਮਿੰਟ ਦੇ ਉਸ ਨੇ ਤਿੰਨ ਕਰੋੜ ਰੁਪਏ ਦਿੱਤੇ ਗਏ। ਏਨੀ ਰਾਸ਼ੀ ਨਾਲ ਤਾਂ ਸਾਰੇ ਕੈਂਸਰ ਮਰੀਜ਼ਾਂ ਦਾ ਭਲਾ ਹੋ ਸਕਦਾ ਸੀ।
ਸਾਬਕਾ ਕਾਂਗਰਸੀ ਮੰਤਰੀ ਜਸਵੀਰ ਸਿੰਘ ਸੰਗਰੂਰ ਵੀ ਕਾਂਗਰਸੀ ਜਲਸਿਆਂ ਵਿੱਚ ਸ਼ਾਹਰੁਖ ਖਾਨ ਬਾਰੇ ਕਾਫ਼ੀ ਕੁਝ ਬੋਲਦੇ ਹਨ। ਉਹ ਜਲਸਿਆਂ ਵਿੱਚ ਆਖ ਰਹੇ ਹਨ ਕਿ ਛੱਮਕ ਛੱਲੋ ਪੰਜਾਬ ਦੇ ਲੋਕਾਂ ਨੂੰ ਤਿੰਨ ਕਰੋੜ ਵਿੱਚ ਪਈ ਹੈ। ਸੂਤਰ ਆਖਦੇ ਹਨ ਕਿ ਜੋ ਤਿੰਨ ਕਰੋੜ ਵਿੱਚ ਪਈ ,ਉਹ ਤਾਂ ਵੱਖਰੀ ਗੱਲ ਹੈ ਪ੍ਰੰਤੂ ਹੁਣ ਜੋ ਸਿਆਸੀ ਤੌਰ 'ਤੇ ਇਹ ਗੱਲ ਮਹਿੰਗੀ ਪੈ ਰਹੀ ਹੈ, ਉਹ ਉਮੀਦਵਾਰਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ। ਕਾਂਗਰਸੀ ਨੇਤਾ ਚਟਕਾਰੇ ਲੈ ਲੈ ਕੇ ਛਮਕ ਛੱਲੋ ਦੀਆਂ ਗੱਲਾਂ ਕਰ ਰਹੇ ਹਨ। ਇੱਥੋਂ ਤੱਕ ਕਿ ਹਲਕਾ ਲੰਬੀ ਵਿੱਚ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਉਮੀਦਵਾਰ ਗੁਰਦਾਸ ਸਿੰਘ ਬਾਦਲ ਵੀ ਕਿਸੇ ਨਾ ਕਿਸੇ ਚੋਣ ਜਲਸੇ ਵਿੱਚ ਸ਼ਾਹਰੁਖ ਖਾਨ ਦੀ ਚਰਚਾ ਕਰ ਜਾਂਦੇ ਹਨ।
ਅੱਗੇ ਉਮੀਦਵਾਰ,ਪਿੱਛੇ ਪਿੱਛੇ ਕੈਮਰਾ
ਚੋਣ ਕਮਿਸ਼ਨ ਵੱਲੋਂ ਹੁਣ ਹਰ ਉਮੀਦਵਾਰ ਦੀ ਪੂਰਾ ਪੂਰਾ ਦਿਨ ਵੀਡੀਓਗਰਾਫੀ ਕਰਾਈ ਜਾ ਰਹੀ ਹੈ। ਉਮੀਦਵਾਰ ਦੇ ਸਵੇਰ ਤੋਂ ਸ਼ਾਮ ਤੱਕ ਦੇ ਪ੍ਰੋਗਰਾਮਾਂ ਦੀ ਮੂਵੀ ਬਣ ਰਹੀ ਹੈ। ਕਈ ਉਮੀਦਵਾਰ ਚੋਣ ਜਲਸਿਆਂ ਵਿੱਚ ਆਖ ਰਹੇ ਹਨ, ਏਨੀ ਮੂਵੀ ਤਾਂ ਵਿਆਹਾਂ ਵਿੱਚ ਨਹੀਂ ਬਣੀ ਹੋਈ,ਜਿੰਨੀ ਇਨ੍ਹਾਂ ਨੇ ਬਣਾ ਲੈਣੀ ਹੈ। ਉਡਣ ਦਸਤਿਆਂ ਕੋਲ ਵੀ ਮੂਵੀ ਕਮਰੇ ਹਨ ਅਤੇ ਚੈਕਿੰਗ ਟੀਮਾਂ ਕੋਲ ਵੀ। ਅਗਰ ਕਿਸੇ ਨੇ ਮੂਵੀ ਦੀ ਸੀ ਡੀ ਲੈਣੀ ਹੋਵੇ ਤਾਂ ਤਿੰਨ ਸੌ ਰੁਪਏ ਰੇਟ ਵੀ ਨਿਸ਼ਚਿਤ ਕੀਤਾ ਹੋਇਆ ਹੈ।
प्रतिक्रियाएँ:

About Author

Advertisement

एक टिप्पणी भेजें