Young Flame Young Flame Author
Title: ਸਤਯੁੱਗੀ ਲੋਕ -- ਜ਼ਿਨ੍ਹਾਂ ਦਾ ਖੂਨ 'ਸਫੈਦ' ਨਹੀਂ...
Author: Young Flame
Rating 5 of 5 Des:
ਚਰਨਜੀਤ ਭੱਲਰ ਜਦੋਂ ਗੁਰਮੀਤ ਕੌਰ ਨੂੰ ਭਰਾ ਦੀ ਜ਼ਿੰਦਗੀ ਛੋਟੀ ਲੱਗੀ ਤਾਂ ਉਸ ਨੇ ਆਪਣੇ ਭਰਾ ਛਿੰਦਰ ਸਿੰਘ ਨੂੰ ਬਚਾਉਣ ਲਈ ਆਪਣਾ ਗੁਰਦਾ ਦੇ ਦਿੱਤਾ। ਪਿੰਡ ਰੁਹੇਲਾ ਦੀ ਗੁਰ...
ਚਰਨਜੀਤ ਭੱਲਰ
ਜਦੋਂ ਗੁਰਮੀਤ ਕੌਰ ਨੂੰ ਭਰਾ ਦੀ ਜ਼ਿੰਦਗੀ ਛੋਟੀ ਲੱਗੀ ਤਾਂ ਉਸ ਨੇ ਆਪਣੇ ਭਰਾ ਛਿੰਦਰ ਸਿੰਘ ਨੂੰ ਬਚਾਉਣ ਲਈ ਆਪਣਾ ਗੁਰਦਾ ਦੇ ਦਿੱਤਾ। ਪਿੰਡ ਰੁਹੇਲਾ ਦੀ ਗੁਰਮੀਤ ਕੌਰ ਲਈ ਮਾਂ ਜਾਏ ਤੋਂ ਉਪਰ ਕੁਝ ਵੀ ਨਹੀਂ ਸੀ। ਉਸ ਨੇ ਰਿਸ਼ਤਾ ਨਿਭਾਅ ਦਿੱਤਾ ਹੈ। ਜਦੋਂ ਮੌਜੂਦਾ ਜ਼ਮਾਨੇ 'ਚ ਰਿਸ਼ਤੇ ਤਾਰ ਤਾਰ ਹੋ ਰਹੇ ਹਨ ਤਾਂ ਏਦਾ ਦੇ ਰਿਸ਼ਤੇ ਨਾਤੇ ਵੀ ਹਨ ਜਿਨ੍ਹਾਂ ਦੇ ਖ਼ੂਨ ਸਫੈਦ ਨਹੀਂ ਹੋਇਆ ਹੈ। ਧਰਮਕੋਟ ਵਾਸੀ ਇੱਕ ਮਾਂ ਰੇਖਾ ਨੇ ਆਪਣੇ ਪੁੱਤ ਵਿਕਰਮ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ। ਉਸ ਨੇ ਪੁੱਤ ਦੀ ਜਾਨ ਲਈ ਇੱਕ ਗੁਰਦਾ ਦੇ ਦਿੱਤਾ। ਮੌੜ ਮੰਡੀ ਦੇ ਗੁਰਦੇਵ ਸਿੰਘ ਨੇ ਆਪਣੀ ਨੂੰਹ ਪਰਮਜੀਤ ਕੌਰ ਲਈ ਆਪਣਾ ਗੁਰਦਾ ਦਿੱਤਾ ਹੈ। ਜੋਧਪੁਰ ਪਾਖਰ ਵਾਸੀ ਦਲੀਪ ਕੌਰ ਨੇ ਆਪਣੇ ਭਤੀਜੇ ਮੱਘਰ ਸਿੰਘ ਦੀ ਲੰਮੀ ਉਮਰ ਖਾਤਰ ਆਪਣਾ ਗੁਰਦਾ ਦਿੱਤਾ ਹੈ। ਸਮਾਲਸਰ ਦੇ ਦਰਸ਼ਨ ਸਿੰਘ ਨੇ ਆਪਣੇ ਮਾਮੇ ਜੁਗਰਾਜ ਸਿੰਘ ਲਈ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਕੀਤੀ। ਹੋਰ ਤਾਂ ਹੋਰ ,ਫਿਰੋਜ਼ਪੁਰ ਦੇ ਇੱਕ ਨੌਕਰ ਮਿੱਠੂ ਸਿੰਘ ਨੇ ਆਪਣੇ ਮਾਲਕ ਮੋਹਨਜੀਤ ਸਿੰਘ ਦੀ ਜ਼ਿੰਦਗੀ ਲਈ ਗੁਰਦਾ ਦਿੱਤਾ ਹੈ।ਪੰਜਾਬ ਦੇ ਮੈਡੀਕਲ ਕਾਲਜਾਂ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਤੋਂ ਸਪੱਸ਼ਟ ਹੋਇਆ ਹੈ ਕਿ ਇਸ ਕਲਯੁੱਗੀ ਜ਼ਮਾਨੇ ਵਿੱਚ ਸਤਯੁੱਗੀ ਲੋਕ ਵੀ ਹਨ। ਹਾਲਾਂਕਿ ਨਿੱਤ ਕਿਤੇ ਨਾ ਕਿਤੇ ਖੂਨ ਦੇ ਰਿਸ਼ਤੇ ਹੀ ਇੱਕ ਦੂਸਰੇ ਦੀ ਜ਼ਿੰਦਗੀ ਵੀ ਖੋਹ ਰਹੇ ਹਨ ਪਰ ਏਦਾ ਦੇ ਇਨਸਾਨ ਵੀ ਹਨ ਜੋ ਜ਼ਿੰਦਗੀ ਵਾਰ ਕੇ ਰਿਸ਼ਤੇ ਨਿਭਾ ਰਹੇ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਧੀਨ ਮਾਲਵੇ ਦੇ ਅੱਧੀ ਦਰਜਨ ਜ਼ਿਲ੍ਹੇ ਪੈਂਦੇ ਹਨ। ਕਰੀਬ ਡੇਢ ਵਰ੍ਹੇ ਦੌਰਾਨ ਇਸ ਮੈਡੀਕਲ ਕਾਲਜ ਦੀ ਗੁਰਦਾ ਦਾਨ ਸਬੰਧੀ ਬਣੀ ਕਮੇਟੀ ਵੱਲੋਂ 26 ਕੇਸਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਮੁਕੰਮਲ ਪੜਤਾਲ ਮਗਰੋਂ 26 ਕੇਸਾਂ ਵਿੱਚ ਗੁਰਦੇ ਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਨ੍ਹਾਂ ਕੇਸਾਂ 'ਚੋਂ ਪੰਜ ਭੈਣਾਂ ਨੇ ਆਪਣੇ ਗੁਰਦੇ ਦਾਨ ਕਰਕੇ ਆਪਣੇ ਭਰਾਵਾਂ ਦੀ ਜ਼ਿੰਦਗੀ ਬਚਾਈ ਹੈ। ਇਸੇ ਤਰ੍ਹਾਂ ਪੰਜ ਪਤਨੀਆਂ ਨੇ ਆਪਣੇ ਸੁਹਾਗ ਖਾਤਰ ਇੱਕ ਇੱਕ ਗੁਰਦਾ ਦਾਨ ਕੀਤਾ ਹੈ। ਪਿੰਡ ਕੰਧਵਾਲਾ (ਫਿਰੋਜ਼ਪੁਰ) ਦੇ ਨਿਰਮਲ ਸਿੰਘ ਨੇ ਆਪਣੇ ਭਰਾ ਸਾਧੂ ਦਾਸ ਲਈ ਆਪਣਾ ਗੁਰਦਾ ਦਾਨ ਕੀਤਾ ਹੈ। ਪਿੰਡ ਬਹਾਵਲਪੁਰ ਦੇ ਸੁਖਵਿੰਦਰ ਸਿੰਘ ਨੇ ਆਪਣੇ ਪੁੱਤ ਸਾਹਿਬ ਸਿੰਘ ਦੀ ਜ਼ਿੰਦਗੀ ਲਈ ਗੁਰਦਾ ਦਿੱਤਾ ਹੈ। ਮਾਈ ਗੋਦੜੀ ਦੇ ਪ੍ਰਤਾਪ ਸਿੰਘ ਨੇ ਆਪਣੇ ਦੋਸਤ ਅਮਰਜੀਤ ਸਿੰਘ ਦੀ ਜ਼ਿੰਦਗੀ ਲਈ ਆਪਣਾ ਇੱਕ ਗੁਰਦਾ ਦਿੱਤਾ ਹੈ।ਸ੍ਰੀ ਗੁਰੂ ਤੇਗ ਬਹਾਦਰ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਅਨੁਸਾਰ ਕਰੀਬ ਡੇਢ ਸਾਲ ਦੇ ਅਰਸੇ ਦੌਰਾਨ 103 ਵਿਅਕਤੀਆਂ ਨੇ ਗੁਰਦੇ ਦਾਨ ਕੀਤੇ ਹਨ ਜਿਨ੍ਹਾਂ ਨੂੰ ਪੜਤਾਲ ਮਗਰੋਂ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ 'ਚੋਂ 16 ਭੈਣਾਂ ਅਤੇ 23 ਪਤਨੀਆਂ ਨੇ ਗੁਰਦੇ ਦਿੱਤੇ ਹਨ। ਭਾਵੇਂ ਨੂੰਹ ਸੱਸ ਦਾ ਰਿਸ਼ਤਾ ਖਟਾਸ ਵਾਲਾ ਮੰਨਿਆ ਜਾਂਦਾ ਹੈ ਪਰ ਗੁਰਦਾਸਪੁਰ ਜ਼ਿਲ੍ਹੇ ਦੀ ਸੱਸ ਜਸਬੀਰ ਕੌਰ ਨੇ ਆਪਣੀ ਨੂੰਹ ਅਮਨਪ੍ਰੀਤ ਕੌਰ ਦੀ ਜਾਨ ਬਚਾਉਣ ਲਈ ਆਪਣਾ ਇੱਕ ਗੁਰਦਾ ਦੇ ਦਿੱਤਾ। ਜਲੰਧਰ ਦੇ ਜੀਤ ਸਿੰਘ ਨੇ ਆਪਣੀ ਨੂੰਹ ਆਸ਼ਾ ਰਾਣੀ ਲਈ ਆਪਣੀ ਜ਼ਿੰਦਗੀ ਦੀ ਬਾਜ਼ੀ ਖੇਡੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਾਸੀ ਇਕ ਨੂੰਹ ਰਾਜਬੀਰ ਕੌਰ ਨੇ ਆਪਣੇ ਚਾਚੇ ਸਹੁਰੇ ਦੀ ਜ਼ਿੰਦਗੀ ਲਈ ਆਪਣਾ ਇੱਕ ਗੁਰਦਾ ਦਾਨ ਕੀਤਾ ਹੈ। ਅੰਮ੍ਰਿਤਸਰ ਦੀ ਪ੍ਰੀਤੀ ਚੱਡਾ ਨੇ ਆਪਣੇ ਜੇਠ ਰਜਿੰਦਰ ਚੱਡਾ ਲਈ ਗੁਰਦਾ ਦਿੱਤਾ। ਇਸੇ ਜ਼ਿਲ੍ਹੇ 'ਚ ਸਵਰਨਾ ਨੇ ਆਪਣੇ ਭਰਾ ਸਿਰੰਦਰ ਕੁਮਾਰ 'ਚੋਂ ਆਪਣੀ ਜ਼ਿੰਦਗੀ ਦੇਖੀ ਹੈ।
ਜ਼ਿਲ੍ਹਾ ਪੱਧਰੀ ਆਥੋਰਾਈਜੇਸ਼ਨ ਕਮੇਟੀ ਨੇ ਗੁਰਦਾ ਦਾਨ ਵਾਲੇ ਪੰਜ ਕੇਸ ਰੱਦ ਵੀ ਕਰ ਦਿੱਤੇ ਹਨ ਜਿਨ੍ਹਾਂ 'ਚੋਂ ਤਿੰਨ ਕੇਸ ਤਾਂ ਬਾਹਰਲੇ ਰਾਜਾਂ ਦੇ ਸਨ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਜੋ ਸੂਚਨਾ ਦਿੱਤੀ ਗਈ ਹੈ ਉਸ ਅਨੁਸਾਰ ਜ਼ਿਲ੍ਹਾ ਪੱਧਰੀ ਕਮੇਟੀ ਕੋਲ 15 ਕੇਸ ਗੁਰਦਾ ਦਾਨ ਦੇ ਆਏ ਸਨ ਜਿਨ੍ਹਾਂ ਵਿੱਚ ਡੋਨਰ ਦਾ ਮਰੀਜ਼ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ। ਡੋਨਰਾਂ ਦਾ ਕਹਿਣਾ ਸੀ ਕਿ ਉਹ ਇਨਸਾਨੀਅਤ ਨਾਤੇ ਆਪਣਾ ਗੁਰਦਾ ਦਾਨ ਕਰਨਾ ਚਾਹੁੰਦੇ ਹਨ ਜਿਨ੍ਹਾਂ 'ਚੋਂ ਸਿਰਫ 7 ਕੇਸਾਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ। ਇੱਕ ਮਾਮਲਾ ਵਿੱਤੀ ਜਾਪਦਾ ਹੋਣ ਕਰਕੇ ਹਾਈਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ।ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਕਿਡਨੀ ਸਕੈਂਡਲ ਵੀ ਵਾਪਰ ਚੁੱਕਾ ਹੈ ਜਿਸ ਕਰਕੇ ਹੁਣ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਛਾਣਬੀਣ ਮਗਰੋਂ ਗੁਰਦਾ ਦਾਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ 16 ਮਈ, 2005 ਮਗਰੋਂ ਗੁਰਦਾ ਦਾਨ ਦਾ ਕੋਈ ਕੇਸ ਨਹੀਂ ਵਿਚਾਰਿਆ ਗਿਆ। ਪੰਜਾਬ ਸਰਕਾਰ ਨੇ 17 ਜੁਲਾਈ,2009 ਨੂੰ ਜ਼ਿਲ੍ਹਾ ਪੱਧਰ ਦੀ ਹਿਊਮੈਨ ਆਰਗਨ ਟਰਾਂਸਪਲਾਂਟ ਐਕਟ ਤਹਿਤ ਗੁਰੂ ਤੇਗ ਬਹਾਦਰ ਕਾਲਜ ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਵੀ ਦੋ ਕੇਸ ਗੁਰਦਾ ਦਾਨ ਦੇ ਰੱਦ ਕੀਤੇ ਗਏ ਹਨ ਜੋ ਕਿ ਸ਼ੱਕੀ ਜਾਪਦੇ ਸਨ।
ਗੁਰਦਾ ਦਾਨ ਦੀ ਪ੍ਰਕਿਰਿਆ
ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰਬਰ 11/15/09-5 ਐਚ.ਬੀ 111/2914 ਮਿਤੀ 17 ਜੂਨ,2009 ਰਾਹੀਂ ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ 1994 ਤਹਿਤ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਹਰ ਕਮੇਟੀ ਅਧੀਨ ਕਈ ਕਈ ਜ਼ਿਲ੍ਹੇ ਹਨ ਅਤੇ ਕਮੇਟੀ ਵੱਲੋਂ ਅੰਗ ਦਾਨੀ ਦੀ ਪੜਤਾਲ ਬਾਅਦ ਪ੍ਰਵਾਨਗੀ ਦਿੱਤੀ ਜਾਂਦੀ ਹੈ। ਮਰੀਜ਼ ਅਤੇ ਦਾਨੀ ਵੱਲੋਂ ਜ਼ਿਲ੍ਹਾ ਕਮੇਟੀ ਕੋਲ ਆਪਣੀ ਗੁਰਦਾ ਦਾਨ ਅਤੇ ਲੈਣ ਲਈ ਦਰਖਾਸਤ ਦਿੱਤੀ ਜਾਂਦੀ ਹੈ। ਕਮੇਟੀ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਰਾਹੀਂ ਦਾਨੀ ਦਾ ਮੂਲ ਨਿਵਾਸ ਸਰਟੀਫਿਕੇਟ ਪ੍ਰਾਪਤ ਕੀਤਾ ਜਾਂਦਾ ਹੈ। ਜ਼ਿਲ੍ਹਾ ਪੜਤਾਲੀਆ ਕਮੇਟੀ ਦੀ ਮੀਟਿੰਗ ਵਿੱਚ ਸਾਰਾ ਕੇਸ ਵਿਚਾਰਿਆ ਜਾਂਦਾ ਹੈ ਜਿਸ ਵਿੱਚ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਂਦੀ ਹੈ। ਮਰੀਜ਼ ਅਤੇ ਦਾਨੀ ਦੇ ਨੇੜਲੇ ਰਿਸ਼ਤੇਦਾਰਾਂ ਦਾ ਬਿਆਨ ਰਿਕਾਰਡ ਕੀਤੇ ਜਾਂਦੇ ਹਨ ਅਤੇ ਪੂਰੀ ਕਾਰਵਾਈ ਦੀ ਵੀਡੀਓਗਰਾਫੀ ਕੀਤੀ ਜਾਂਦੀ ਹੈ। ਮੀਟਿੰਗ ਤੋਂ 24 ਘੰਟੇ ਦੇ ਅੰਦਰ ਅੰਦਰ ਪ੍ਰਵਾਨਗੀ ਦੇਣ ਜਾਂ ਨਾ ਦੇਣ ਬਾਰੇ ਫੈਸਲਾ ਕੀਤਾ ਜਾਂਦਾ ਹੈ।
प्रतिक्रियाएँ:

About Author

Advertisement

एक टिप्पणी भेजें