BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

रविवार, जून 02, 2013

ਪਿਤਾ ਦੇ ਸਫੈਦ ਹੋਏ ਖ਼ੂਨ ਨੇ ਖ਼ਰਾਬ ਕੀਤੀ ਪੁੱਤ ਦੀ ਜੂਨ • ਚਰਨਜੀਤ ਭੁੱਲਰ

 • ਬਠਿੰਡਾ,


  ਮਾਸੂਮ ਅਰਸ਼ਦੀਪ ਲਈ ਜ਼ਿੰਦਗੀ ਪ੍ਰੀਖਿਆ ਬਣ ਗਈ ਹੈ। ਉਂਜ ਤਾਂ ਜ਼ਿੰਦਗੀ ਦਾ ਸਫਰ ਸਿਵਿਆਂ ਵਿੱਚ ਖ਼ਤਮ ਹੁੰਦਾ ਹੈ ਪਰ ਇਸ ਮਾਸੂਮ ਦਾ ਪਹਿਲਾ ਪੜਾਅ ਹੀ ਸ਼ਮਸ਼ਾਨਭੂਮੀ ਬਣੀ ਹੈ। ਬਠਿੰਡਾ ਦੇ ਪਿੰਡ ਤੁੰਗਵਾਲੀ ਦੀ ਸ਼ਮਸ਼ਾਨਭੂਮੀ ਅਰਸ਼ਦੀਪ ਦਾ ਰੈਣ ਬਸੇਰਾ ਹੈ। ਜਦੋਂ ਸਿਵੇ ਰਾਤ ਨੂੰ ਧੁਖ ਰਹੇ ਹੁੰਦੇ ਹਨ ਤਾਂ ਇਸ ਮਾਸੂਮ ਦੀ ਭੁੱਖ ਤੇ ਹਾਉਂਕੇ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਸੱਚਮੁੱਚ ਪਿੰਡ ਤੁੰਗਵਾਲੀ ਜਾਗਦਾ ਹੁੰਦਾ ਤਾਂ ਸੱਤ ਵਰ੍ਹਿਆਂ ਦੇ ਇਸ ਬੱਚੇ ਨੂੰ ਪਿੰਡ ਦੇ ਸਿਵੇ ਮੋਢਾ ਨਾ ਦਿੰਦੇ। ਜਦੋਂ ਉਸ ਦਾ ਜਨਮ ਹੋਇਆ ਤਾਂ ਮਾਂ ਸੀਲਾ ਕੌਰ ਚੱਲ ਵਸੀ। ਅੱਖਾਂ ਖੁੱਲ੍ਹਣ ਤੋਂ ਪਹਿਲਾਂ ਵਿਯੋਗ ਦੇ ਦੁਆਰ ਖੁੱਲ੍ਹ ਗਏ।

  ਅਰਸ਼ਦੀਪ ਹੁਣ ਬਾਪ ਲਈ ਮਨਹੂਸ ਬਣ ਗਿਆ ਹੈ। ਮਜ਼ਦੂਰ ਬਾਪ ਸੁਖਪਾਲ ਸਿੰਘ ਸਮਝਦਾ ਹੈ ਕਿ ਉਸ ਦੇ ਘਰ ਮਨਹੂਸ ਬੱਚੇ ਦਾ ਜਨਮ ਹੋਇਆ ਹੈ, ਜਿਸ ਨੇ ਉਸ ਦੀ ਜੀਵਨ ਸਾਥਣ ਖੋਹ ਲਈ ਹੈ। ਬਾਪ ਦੇ ਡਰੋਂ ਇਹ ਬੱਚਾ ਘਰ ਨਹੀਂ ਜਾਂਦਾ। ਲੋਕ ਦੱਸਦੇ ਹਨ ਕਿ ਬਾਪ ਦੀ ਭੜਾਸ ਇਸ ਬੱਚੇ ’ਤੇ ਹੀ ਨਿਕਲਦੀ ਹੈ। ਜਾਨ ਦਾ ਖੌਅ ਇਸ ਬੱਚੇ ਨੂੰ ਬਣ ਗਿਆ ਹੈ। ਤਾਹੀਓਂ ਉਹ ਹੁਣ ਕਦੇ ਪਿੰਡ ਦੇ ਸਿਵਿਆਂ ਵਿੱਚ ਸੌਂਦਾ ਹੈ ਤੇ ਕਦੇ ਪਿੰਡ ਦੀ ਅਨਾਜ ਮੰਡੀ ਵਿਚਲੇ ਸ਼ੈੱਡਾਂ ਹੇਠ। ਅੱਤ ਦੀ ਗਰਮੀ ਵਿੱਚ ਉਸ ਦੇ ਪੈਰ ਚੱਪਲ ਨੂੰ ਤਲਾਸ਼ਦੇ ਹਨ ਪਰ ਉਹ ਪਸ਼ੂਆਂ ਵੱਲ ਵੇਖ ਕੇ ਆਪਣੇ ਮਨ ਨੂੰ ਧਰਵਾਸ ਦੇ ਲੈਂਦਾ ਹੈ। ਜਦੋਂ ਸਰਦੀ ਦਾ ਕਹਿਰ ਹੁੰਦਾ ਹੈ ਤਾਂ ਇਹ ਬੱਚਾ ਪਿੰਡ ਦੀ ਫਿਰਨੀ ’ਤੇ ਲੱਗੇ ਨਰਮੇ ਦੀਆਂ ਛਟੀਆਂ ਦੇ ਢੇਰਾਂ ਵਿੱਚ ਲੁਕ ਕੇ ਸੌਂਦਾ ਹੈ। ਕਈ ਦਫ਼ਾ ਇਹ ਬੱਚਾ ਅਤੇ ਕੁੱਤੇ ਇੱਕੋ ਥਾਂ ਸੁੱਤੇ ਪਏ ਹੁੰਦੇ ਹਨ। ਜਦੋਂ ਇਨਸਾਨ ਦਗਾ ਦੇ ਜਾਣ ਤਾਂ ਫਿਰ ਜਾਨਵਰ ਹੀ ਵਫ਼ਾਦਾਰੀ ਨਿਭਾਉਂਦੇ ਹਨ।

  ਉਹ ਪਿੰਡ ਦੇ ਰਜਬਾਹੇ ਵਿੱਚ ਨਹਾਉਂਦਾ ਹੈ। ਛੋਟੀ ਉਮਰ ਵਿੱਚ ਜ਼ਿੰਦਗੀ ਨੇ ਏਨਾ ਸਖ਼ਤ ਬਣਾ ਦਿੱਤਾ ਹੈ ਕਿ ਸਰਦੀ ਦੇ ਦਿਨਾਂ ਵਿੱਚ ਵੀ ਉਸ ਨੂੰ ਪਾਣੀ ਠੰਢਾ ਨਹੀਂ ਲੱਗਦਾ। ਤਨ ਨੂੰ ਕੱਪੜੇ ਵੀ ਨਸੀਬ ਨਹੀਂ ਹੁੰਦੇ। ਕਿਸੇ ਦੇ ਮਨ ਮਿਹਰ ਪੈ ਜਾਏ ਤਾਂ ਉਸ ਦਾ ਢਿੱਡ ਅਸੀਸਾਂ ਦਿੰਦਾ ਹੈ। ਇਸ ਮਾਸੂਮ ਨੂੰ ਤਾਂ ਤੜਾਗੀ ਦੀ ਥਾਂ ਦੁੱਖ ਹੀ ਮਿਲੇ ਹਨ। ਪਿੰਡ ਤੁੰਗਵਾਲੀ ਦੇ ਮਜ਼ਦੂਰ ਸੁਖਪਾਲ ਸਿੰਘ ਦੇ ਘਰ ਕਰੀਬ ਸੱਤ ਵਰ੍ਹੇ ਪਹਿਲਾਂ ਅਰਸ਼ਦੀਪ ਨੇ ਜਨਮ ਲਿਆ। ਜਨਮ ਮਗਰੋਂ ਉਸ ਦੀ ਮਾਂ ਜਹਾਨੋਂ ਚਲੀ ਗਈ। ਉਸ ਦੀ ਵੱਡੀ ਭੈਣ ਰਮਨਦੀਪ ਕੌਰ 9 ਵਰ੍ਹਿਆਂ ਦੀ ਹੈ। ਬੇਔਲਾਦ ਭੂਆ ਨੇ ਅਰਸ਼ਦੀਪ ਨੂੰ ਪੰਜ ਸਾਲ ਆਪਣੀ ਗੋਦ ਦਾ ਨਿੱਘ ਦਿੱਤਾ। ਉਸ ਮਗਰੋਂ ਭੂਆ ਉਸ ਨੂੰ ਪਿੰਡ ਛੱਡ ਗਈ।

  ਬਾਪ ਸੁਖਪਾਲ ਸਿੰਘ ਆਖਦਾ ਹੈ ਕਿ ਉਸ ਦਾ ਲੜਕਾ ਘਰ ਨਹੀਂ ਆਉਂਦਾ। ਉਸ ਦਾ ਕੋਈ ਕਸੂਰ ਨਹੀਂ। ਸੁਖਪਾਲ ਸਿੰਘ ਪਿੰਡ ਦੇ ਕਿਸਾਨ ਜੁਗਰਾਜ ਸਿੰਘ ਦੇ ਘਰ ਮਜ਼ਦੂਰੀ ਕਰਦਾ ਹੈ। ਜੁਗਰਾਜ ਸਿੰਘ ਆਖਦਾ ਹੈ ਕਿ ਸੁਖਪਾਲ ਸਿੰਘ ਆਪਣੇ ਬੱਚੇ ਬਾਰੇ ਅੰਦਰੋਂ ਅੰਦਰੀਂ ਮਨਹੂਸ ਹੋਣ ਦਾ ਭਰਮ ਪਾਲੀ ਬੈਠਾ ਹੈ, ਜਿਸ ਕਰਕੇ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਕਈ ਦਫ਼ਾ ਬੱਚੇ ਦੀ ਕੁੱਟਮਾਰ ਵੀ ਕੀਤੀ ਹੈ। ਉਹ ਦੱਸਦਾ ਹੈ ਕਿ ਆਖਰ ਬੱਚਾ ਕੁੱਟ ਦੇ ਡਰੋਂ ਘਰ ਤੋਂ ਦੂਰ ਹੀ ਰਹਿਣ ਲੱਗਾ ਹੈ। ਅਰਸ਼ਦੀਪ ਤੇ ਉਸ ਦੀ ਵੱਡੀ ਭੈਣ ਰਮਨਦੀਪ ਕੌਰ ਅਨਪੜ੍ਹ ਹਨ। 7 ਵਰ੍ਹਿਆਂ ਦਾ ਬੱਚਾ ਅਰਸ਼ਦੀਪ ਦੱਸਦਾ ਹੈ ਕਿ ਜਦੋਂ ਉਹ ਸ਼ੁਰੂ ਵਿੱਚ ਸਿਵਿਆਂ ਵਿੱਚ ਸੌਣ ਲੱਗਿਆ ਤਾਂ ਡਰ ਲੱਗਦਾ ਸੀ ਪਰ ਹੁਣ ਡਰ ਨਹੀਂ ਲੱਗਦਾ। ਉਹ ਸ਼ਾਮ ਵਕਤ ਸਟੇਡੀਅਮ ਵਿੱਚ ਪਿੰਡ ਦੇ ਬੱਚਿਆਂ ਨਾਲ ਖੇਡਦਾ ਹੈ। ਉਸ ਦੇ ਹੱਥ ਇੱਕੋ ਇੱਕ ਲਿਫਾਫਾ ਹੁੰਦਾ ਹੈ, ਜੋ ਉਸ ਦੀ ਪੂੰਜੀ ਹੈ। ਉਹ ਦੱਸਦਾ ਹੈ ਕਿ ਜੇ ਕਿਧਰੋਂ ਰੋਟੀ ਨਾ ਮਿਲੇ ਤਾਂ ਢਿੱਡ ਨੂੰ ਸਮਝਾ ਲੈਂਦਾ ਹਾਂ।

  ਜਦੋਂ ਦੋ ਤਿੰਨ ਦਿਨ ਪਹਿਲਾਂ ਉਸ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਦੁਪਹਿਰ ਦਾ ਖਾਣਾ (ਮਿਡ-ਡੇਅ ਮੀਲ) ਬਣਨ ਦੀ ਭਿਣਕ ਪਈ ਤਾਂ ਉਹ ਦੂਰੋਂ ਸਕੂਲੀ ਬੱਚਿਆਂ ਨੂੰ ਖਾਣਾ ਖਾਂਦੇ ਹੋਏ ਵੇਖਣ ਲੱਗਾ। ਭੁੱਖ ਤੇ ਬੇਵਸੀ ਉਸ ਬੱਚੇ ਦੇ ਚਿਹਰੇ ਤੋਂ ਝਲਕ ਰਹੀ ਸੀ। ਅਚਾਨਕ ਸਕੂਲ ਅਧਿਆਪਕ ਪਰਮਿੰਦਰ ਸਿੰਘ ਅਤੇ ਲੈਕਚਰਾਰ ਮਨਜੀਤ ਸਿੰਘ ਸਿੱਧੂ ਦੀ ਨਜ਼ਰ ਉਸ ਬੱਚੇ ’ਤੇ ਚਲੀ ਗਈ, ਜਿਨ੍ਹਾਂ ਨੂੰ ਇਸ ਮਾਸੂਮ ਦੀ ਜ਼ਿੰਦਗੀ ਨੇ ਹਲੂਣ ਦਿੱਤਾ। ਜਦੋਂ ਇਨ੍ਹਾਂ ਅਧਿਆਪਕਾਂ ਨੇ ਖਾਣ ਲਈ ਇਸ ਬੱਚੇ ਨੂੰ ਕੇਲਾ ਦਿੱਤਾ ਤਾਂ ਉਸ ਨੇ ਆਖਿਆ ਕਿ ਉਹ ਪਹਿਲੀ ਦਫ਼ਾ ਫਲ ਖਾ ਰਿਹਾ ਹੈ। ਕੋਈ ਤਿੱਥ ਤਿਉਹਾਰ ਵੀ ਉਸ ਦੀ ਜ਼ਿੰਦਗੀ ਵਿੱਚ ਰੰਗ ਨਹੀਂ ਭਰ ਸਕਿਆ। ਇਨ੍ਹਾਂ ਅਧਿਆਪਕਾਂ ਨੇ ਉਸ ਬੱਚੇ ਨੂੰ ਹੁਣ ਤਨ ਢਕਣ ਵਾਸਤੇ ਕੱਪੜੇ ਵੀ ਦੇ ਦਿੱਤੇ ਹਨ। ਪਤਾ ਲੱਗਿਆ ਹੈ ਕਿ ਪਿੰਡ ਤੁੰਗਵਾਲੀ ਦੀ ਸਿਆਸਤ ਵੀ ਇਸ ਬੱਚੇ ਦੀ ਜ਼ਿੰਦਗੀ ਦੇ ਰਾਹ ਵਿੱਚ ਰੋੜਾ ਬਣ ਗਈ ਹੈ। ਇਕ ਧਿਰ ਆਖਦੀ ਹੈ ਕਿ ਉਹ ਬੱਚੇ ਦੀ ਜ਼ਿੰਦਗੀ ਸੰਵਾਰਨਾ ਚਾਹੁੰਦੇ ਹਨ ਪਰ ਉਸ ਦਾ ਬਾਪ ਦੂਜੀ ਧਿਰ ਨਾਲ ਖੜ੍ਹਾ ਹੈ। ਉਹ ਪੜ੍ਹਨਾ ਚਾਹੁੰਦਾ ਹੈ ਪਰ ਉਸ ਨੂੰ ਢਿੱਡ ਦੇ ਸੁਆਲ ਹੀ ਸਾਹ ਨਹੀਂ ਲੈਣ ਦਿੰਦੇ।
  ਜਦੋਂ ਪਿੰਡ ਸੌ ਜਾਵੇ…

  ਪਿੰਡ ਤੁੰਗਵਾਲੀ ਵਿੱਚ ਗੁਰਦੁਆਰਾ ਵੀ ਹੈ ਅਤੇ ਵੱਡੇ ਵੱਡੇ ਨੇਤਾ ਵੀ ਹਨ। ਪਿੰਡ ਵਿੱਚ ਨੌਜਵਾਨ ਕਲੱਬ ਵੀ ਹੈ। ਏਡੇ ਵੱਡੇ ਪਿੰਡ ਦੀ ਨਜ਼ਰ ਵਿੱਚ ਛੋਟਾ ਬੱਚਾ ਨਹੀਂ ਪਿਆ। ਪੰਜਾਬ ਦੀ ਧਰਤੀ ਤਾਂ ਭੁੱਖਿਆਂ ਨੂੰ ਰਜਾਉਂਦੀ ਹੈ ਤੇ ਇੱਥੇ ਬਚਪਨ ਹੀ ਕੁੱਲੀ ਤੇ ਗੁੱਲੀ ਨੂੰ ਤਰਸ ਗਿਆ ਹੈ। ਇਸ ਬਾਰੇ ਡਾ. ਰਵੀ ਰਵਿੰਦਰ ਦਾ ਕਹਿਣਾ ਹੈ ਕਿ ਜਦੋਂ ਪਿੰਡ ਜਾਗਦੇ ਹੋਣ ਤਾਂ ਹਰ ਬਿਪਤਾ ਪਿੰਡ ਦੀ ਆਪਣੀ ਹੁੰਦੀ ਹੈ ਅਤੇ ਜਦੋਂ ਪਿੰਡ ਵਿੱਚੋਂ ਸਾਹ ਨਿਕਲ ਜਾਣ ਤਾਂ ਅਰਸ਼ਦੀਪ ਵਰਗੇ ਬੱਚਿਆਂ ਨੂੰ ਸਿਵਿਆਂ ਵਿੱਚ ਸੌਣਾ ਪੈਂਦਾ ਹੈ।

  कोई टिप्पणी नहीं:

  Post Top Ad

  पेज