BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

बुधवार, अक्तूबर 01, 2014

…ਤੇ ਸੁਖਬੀਰ ਬਾਦਲ ਨਾ ਚੁੱਕ ਸਕੇ ਨੀਂਹ ਪੱਥਰ ਤੋਂ ਪਰਦਾ


ਲੰਬੀ,
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ‘ਵੀ.ਆਈ.ਪੀ’ ਛੱਪੜ ਨੂੰ ਪਾਰਕ ਵਿੱਚ ਬਦਲਣ ਦੇ ਪ੍ਰਾਜੈਕਟ ਦਾ ਅੱਜ ਨੀਂਹ ਪੱਥਰ ਨਾ ਰੱਖਿਆ ਜਾ ਸਕਿਆ। ਪਿੰਡ ਬਾਦਲ ਦੇ ਲੋਕਾਂ ਦੇ ਤਿੱਖੇ ਵਿਰੋਧ ਕਰਕੇ ਅਕਾਲੀ ਸਰਕਾਰ ਨੂੰ ਮੁੱਖ ਮੰਤਰੀ ਦੇ ਆਪਣੇ ਜੱਦੀ ਪਿੰਡ ’ਚ ਪੈਰ ਪਿਛਾਂਹ ਖਿੱਚਣੇ ਪਏ।
ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਛੱਪੜ ਦੇ ਨਵੀਨੀਕਰਨ ਪਾਰਕ ਦੀ ਉਸਾਰੀ ਲਈ ਨੀਂਹ-ਪੱਥਰ ਰੱਖਿਆ ਜਾਣਾ ਸੀ। ਬਠਿੰਡਾ ਰੋਡ ’ਤੇ ਸਥਿਤ ਛੱਪੜ ਦੇ ਬਾਹਰਲੇ ਪਾਸੇ ਬਾਕਾਇਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਵੱਲੋਂ ਟੈਂਟ ਵਗੈਰਾ ਲਗਾ ਕੇ ਪੂਰੀ ਤਿਆਰੀ ਕੀਤੀ ਹੋਈ ਸੀ।
ਦੱਸਣਯੋਗ ਹੈ ਕਿ ਇਹ ਛੱਪੜ ਮੀਂਹਾਂ ਸਮੇਂ ਪਿੰਡ ਬਾਦਲ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਵੱਡਾ ਜ਼ਰੀਆ ਹੈ। ਜਿੱਥੋਂ ਮੋਟਰਾਂ ਜ਼ਰੀਏ ਪਾਣੀ ਅਗਾਂਹ ਸੇਮ ਨਾਲੇ ਵਿਚ ਛੱਡ ਦਿੱਤਾ ਜਾਂਦਾ ਹੈ। ਪਿੰਡ ਬਾਦਲ ਮੁੱਖ ਸੜਕ ’ਤੇ ਪੈਂਦੇ ਇਸ ਛੱਪੜ ਨੂੰ ਪਿੰਡ ਦੀ ‘ਵੀ.ਆਈ.ਪੀ. ਲੁੱਕ’ ’ਚ ਅੜਿੱਕਾ ਮੰਨਦਿਆਂ ਇਸ ’ਤੇ ਲੱਖਾਂ ਰੁਪਏ ਖਰਚ ਕੇ ਕੰਧਾਂ ਉਸਾਰ ਕੇ ਕਿਲ੍ਹਾਨੁਮਾ ਬਣਾ ਦਿੱਤਾ ਗਿਆ ਸੀ। ਪਹਿਲਾਂ ਤੋਂ ਵੱਡੇ ਲੋਕਾਂ ਦੇ ਕਬਜ਼ਿਆਂ ਦੀ ਮਾਰ ਝੱਲ ਰਹੇ ਇਸ ਛੱਪੜ ’ਤੇ 24 ਲੱਖ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਪਾਰਕ ਦਾ ਨੀਂਹ-ਪੱਥਰ ਰੱਖੇ ਜਾਣ ਦੀ ਤਿਆਰੀਆਂ ਵੇਖ ਕੇ ਪਿੰਡ ਦੇ ਆਮ ਲੋਕ ਇਕੱਠੇ ਹੋਏ। ਉਨ੍ਹਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮੁੱਖ ਜ਼ਰੀਏ ਉਕਤ ਛੱਪੜ ਵਾਲੀ ਜਗ੍ਹਾ ’ਤੇ ਪਾਰਕ ਬਣਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਨੀਂਹ-ਪੱਥਰ ਸਮਾਗਮ ਲਈ ਲਾਏ ਟੈਂਟ ਮੂਹਰੇ ਬੈਠ ਕੇ ਰੋਸ ਪ੍ਰਗਟਾਉਣ ਲੱਗੇ। ਇਸ ਟੈਂਟ ਦੇ ਅੰਦਰ ਪਾਰਕ ਦੀ ਉਸਾਰੀ ਅਤੇ ਛੱਪੜ ਦੇ ਨਵੀਨੀਕਰਨ ਲਈ ਉਪ ਮੁੱਖ ਮੰਤਰੀ ਦੇ ਨਾਂ ਵਾਲਾ ਨੀਂਹ-ਪੱਥਰ ਲਗਾਇਆ ਗਿਆ ਸੀ।
ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਸਰਕਾਰ ਰਕਬਾ ਘਟਾ ਕੇ ਇਸ ਉਕਤ ਛੱਪੜ ਨੂੰ ਕੁਦਰਤੀ ਵਾਟਰ ਟ੍ਰੀਟਮੈਂਟ ਪ੍ਰਾਜੈਕਟ ਦੇ ਤਹਿਤ ਵਿਕਸਿਤ ਕਰਨਾ ਚਾਹੁੰਦੀ ਹੈ। ਇਸ ਨੂੰ ਪ੍ਰਸ਼ਾਸਨਿਕ ਤੌਰ ’ਤੇ ਛੱਪੜ ਦੇ ਪਾਣੀ ਸਾਫ਼ ਕਰਨ ਲਈ ਚੰਗੀ ਤਕਨੀਕ ਮੰਨਿਆ ਜਾਂਦਾ ਹੈ ਪਰ ਲੱਖਾਂ ਰੁਪਏ ਖਰਚ ਕੇ ਤਿਆਰ ਕੀਤੇ ਲੰਬੀ ਹਲਕੇ ਦੇ ਪਿੰਡ ਫਤੂਹੀਵਾਲਾ ਵਿਖੇ ਪਹਿਲਾਂ ਨਾਲੋਂ ਹਾਲਤ ਮਾੜੀ ਹੋ ਚੁੱਕੀ ਹੈ।
ਪਿੰਡ ਵਾਸੀਆਂ ਮੇਜਰ ਸਿੰਘ, ਮਹਿੰਦਰਪਾਲ, ਪਾਲ ਸਿੰਘ, ਸੀਤਾ ਬਾਦਲ, ਸੁਖਬੀਰ ਬਾਦਲ, ਦਰਸ਼ਨ ਸਿੰਘ, ਕਾਲਾ ਸਿੰਘ, ਕੁੰਦਨ ਸਿੰਘ, ਸ਼ਿਵਰਾਜ ਸਿੰਘ, ਸੁਖਪਾਲ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ ਅਤੇ ਜੀਤ ਸਿੰਘ ਨੇ ਆਖਿਆ ਕਿ ਪਿੰਡ ਬਾਦਲ ’ਚ ਮੀਂਹਾਂ ਮੌਕੇ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਰਕੇ ਇਹ ਛੱਪੜ ਹੀ ਪਾਣੀ ਨੂੰ ਸਾਂਭਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਛੱਪੜ ਨਾ ਹੋਵੇ ਤਾਂ ਪਿੰਡ ਦੇ ਬਹੁਗਿਣਤੀ ਘਰਾਂ ਵਿੱਚ ਪਾਣੀ ਘੁਸ ਜਾਵੇ ਅਤੇ ਗਰੀਬ ਅਤੇ ਅਮੀਰ ਲੋਕ ਡੁੱਬਣ ਕਿਨਾਰੇ ਹੋ ਜਾਣ। ਮਹਿੰਦਰ ਪਾਲ, ਮੇਜਰ ਸਿੰਘ ਸਮੇਤ ਹੋਰਾਂ ਨੇ ਆਖਿਆ ਕਿ ਸਾਲ ਡੇਢ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਛੱਪੜ ਦੀ ਬਾਹਰੀ ਦਿੱਖ ਨੂੰ ਅਤਿ ਸੁੰਦਰ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਛੱਪੜ ਦਾ ਰਕਬਾ ਲਗਪਗ 5 ਏਕੜ ਸੀ, ਜੋ ਕਿ ਕੁਝ ਲੋਕਾਂ ਵੱਲੋਂ ਕਬਜ਼ਾ ਕੀਤੇ ਜਾਣ ਕਰਕੇ ਹੁਣ ਸਿਰਫ਼ 2 ਏਕੜ ਤੱਕ ਸੀਮਤ ਹੋ ਕੇ ਰਹਿ ਗਿਆ।  ਪਿੰਡ ਵਾਸੀਆਂ ਨੇ ਆਖਿਆ ਕਿ ਇੱਕ ਪਾਸੇ ਤਾਂ ਚੌਰਾਹਿਆਂ ’ਤੇ ਸਵੱਛ ਭਾਰਤ ਮੁਹਿੰਮ ਦੇ ਹੋਰਡਿੰਗ ਲਗਾ ਕੇ ਸਾਫ਼-ਸਫ਼ਾਈ ਲਈ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ, ਦੂਜੇ ਪਾਸੇ ਛੱਪੜ ਦੀ ਥਾਂ ’ਚ ਪਾਰਕ ਬਣਾ ਕੇ ਪਿੰਡ ਦੇ ਲੋਕਾਂ ਨੂੰ ਜਿਉਂਦੇ ਜੀਅ ਨਰਕ ਵਿਚ ਧੱਕਿਆ ਜਾ ਰਿਹਾ ਹੈ।
ਇਨ੍ਹਾਂ ਲੋਕਾਂ ਨੇ ਆਖਿਆ ਕਿ ਸਰਕਾਰ ਵੱਲੋਂ ਕਰੋੜਾਂ ਫੂਕ ਕੇ ਬਣਾਇਆ ਸੀਵਰੇਜ ਸਿਸਟਮ ਮੁੱਢਲੇ ਪੜਾਅ ’ਤੇ ਫੇਲ੍ਹ ਹੋ ਚੁੱਕਿਆ ਹੈ। ਪਾਣੀ ਨਿਕਾਸੀ ਲਈ ਇਸ ਛੱਪੜ ’ਤੇ ਹੀ ਵੱਡੀ ਟੇਕ ਹੈ। ਉਨ੍ਹਾਂ ਕਿਹਾ ਕਿ ਮੀਂਹਾਂ ਮੌਕੇ ਤਾਂ ਇਹ ਸੀਵਰੇਜ ਪਲਾਂ ’ਚ ਫੇਲ੍ਹ ਹੋ ਕੇ ਓਵਰਫਲੋਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਵਸੋਂ ਦੇ ਮੁਤਾਬਕ 10 ਇੰਚ ਚੌੜੀ ਪਾਈਪ ਪਾਉਣੀ ਚਾਹੀਦੀ ਸੀ ਪਰ 6 ਇੰਚੀ ਪਾਈਪ ਪਾ ਕੇ ਬੁੱਤਾ ਸਾਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਉਹ ਛੱਪੜ ਵਾਲੀ ਜਗ੍ਹਾ ’ਤੇ ਕਿਸੇ ਕੀਮਤ ਪਾਰਕ ਨਹੀਂ ਬਣਨ ਦੇਣਗੇ।
 ਪਿੰਡ ਵਾਸੀਆਂ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਆਪਣਾ ਮਸਲਾ
ਨੀਂਹ-ਪੱਥਰ ਰੱਖਣ ਲਈ ਉਪ ਮੁੱਖ ਮੰਤਰੀ ਦੇ ਪਿੰਡ ਪੁੱਜਣ ’ਤੇ ਪਿੰਡ ਵਾਸੀਆਂ ਦੇ ਇੱਕ ਵਫ਼ਦ ਨੂੰ ਉਨ੍ਹਾਂ ਨਾਲ ਮਿਲਵਾਇਆ ਗਿਆ। ਪਿੰਡ ਵਾਸੀਆਂ ਨੇ ਪਾਰਕ ਬਣਨ ’ਤੇ ਪਿੰਡ ’ਚੋਂ ਪਾਣੀ ਨਿਕਾਸੀ ਦੀ ਸਮੱਸਿਆ ਸੁਖਬੀਰ ਸਿੰਘ ਬਾਦਲ ਕੋਲ ਬਿਆਨੀ। ਸੂਤਰਾਂ ਅਨੁਸਾਰ ਸ੍ਰੀ ਬਾਦਲ ਨੇ ਪਿੰਡ ਵਾਸੀਆਂ ਨੂੰ ਪਾਰਕ ਨਾ ਬਣਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਉਪ ਮੁੱਖ ਮੰਤਰੀ ਦੇ ਇੱਕ ਨਿੱਜੀ ਸਕੱਤਰ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਨੀਂਹ-ਪੱਥਰ ਸਮਾਗਮ ਦੇ ਟੈਂਟ ਨੂੰ ਮੂਹਰੇ ਪਰਦਾ ਲਗਾ ਕੇ ਬੰਦ ਕਰ ਦਿੱਤਾ ਗਿਆ। ਇਸੇ ਦੌਰਾਨ ਪੰਚਾਇਤੀ ਰਾਜ ਵਿਭਾਗ ਸਮੇਤ ਹੋਰ ਸਰਕਾਰੀ ਕਰਮਚਾਰੀ ਟੈਂਟ ਦੇ ਆਲੇ-ਦੁਆਲੇ ਘੁੰਮਦੇ ਰਹੇ। ਇਸ ਤਰ੍ਹਾਂ ਮੁੱਖ ਮੰਤਰੀ ਦੇ ਪਿੰਡ ਦੀ ਜਨਤਾ ਦੇ ਵਿਰੋਧ ਕਰਕੇ ਉਪ ਮੁੱਖ ਮੰਤਰੀ ਵੱਲੋਂ ਛੱਪੜ ਦੇ ਨਵੀਨੀਕਰਨ ਅਤੇ ਪਾਰਕ ਦੇ ਨੀਂਹ-ਪੱਥਰ ਤੋਂ ਪਰਦਾ ਨਹੀਂ ਚੁੱਕਿਆ ਜਾ ਸਕਿਆ। ਇਸ ਬਾਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਜਸਕਿਰਨ ਸਿੰਘ ਨੇ ਆਖਿਆ ਕਿ ਇਹ ਕਾਫ਼ੀ ਪੁਰਾਣਾ ਪ੍ਰਾਜੈਕਟ ਹੈ। ਪਰ ਲੋਕਾਂ ਦਾ ਵਿਰੋਧ ਅੱਜ ਸਾਹਮਣੇ ਆਇਆ ਹੈ ਅਤੇ ਇਸ ਨੂੰ ਲੋਕਾਂ ਨਾਲ ਬੈਠ ਕੇ ਇਸ ਦਾ ਢੁੱਕਵਾ ਹੱਲ ਕਰ ਲਿਆ ਜਾਵੇਗਾ।

कोई टिप्पणी नहीं:

Post Top Ad

पेज